ਬਾਲੇ ਵਾਲੀ ਜਨਮ-ਸਾਖੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਾਲੇ ਵਾਲੀ ਜਨਮ-ਸਾਖੀ: ਬਾਲੇ ਵਾਲੀ ਜਨਮ-ਸਾਖੀ ਸਭ ਤੋਂ ਵਧੇਰੇ ਪ੍ਰਸਿੱਧ ਤੇ ਹਰਮਨਪਿਆਰੀ ਜਨਮ-ਸਾਖੀ ਹੈ। ਇਸ ਦਾ ਪਸਾਰ ਵੀ ਬੜਾ ਹੋਇਆ ਹੈ ਅਤੇ ਪ੍ਰਚਾਰ ਵੀ। ਇਸ ਜਨਮਸਾਖੀ ਦੇ ਸ਼ੁਰੂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਪੋਥੀ ਸੁਲਤਾਨਪੁਰ ਦੇ ਖਤਰੀ ਪੈੜੇ ਮੋਖੇ ਨੇ ਲਿਖੀ। ਗੁਰੂ ਅੰਗਦ ਦੇਵ ਨੇ ਲਿਖਵਾਈ ਤੇ ਇਸ ਅੰਦਰਲੀ ਸਾਰੀ ਹਕੀਕਤ ਬਾਲੇ ਸੰਧੂ ਜੱਟ ਨੇ ਬਿਆਨ ਕੀਤੀ। ਇਸ ਨੂੰ ਲਿਖਣ ਵਿੱਚ ਦੋ ਮਹੀਨੇ ਸਤਾਰਾਂ ਦਿਨ ਲੱਗੇ। ਇਸ ਦੇ ਹਰਮਨਪਿਆਰੀ ਤੇ ਪ੍ਰਸਿੱਧ ਹੋਣ ਦਾ ਭੇਤ ਇਸੇ ਗੱਲ ਵਿੱਚ ਛੁਪਿਆ ਹੋਇਆ ਹੈ। ਇਸਦੀ ਪ੍ਰਸਿੱਧੀ ਦਾ ਦੂਜਾ ਕਾਰਨ ਇਹ ਵੀ ਹੈ ਕਿ ਮਹਾਂਕਵੀ ਭਾਈ ਸੰਤੋਖ ਸਿੰਘ ਨੇ ਆਪਣੇ ਮਹਾਂਕਾਵਿ ਸੂਰਜ ਗ੍ਰੰਥ ਦੇ ਨਾਨਕ ਪ੍ਰਕਾਸ਼ ਵਾਲੇ ਭਾਗ ਦੀ ਉਸਾਰੀ ਇਸ ਜਨਮ- ਸਾਖੀ ਨੂੰ ਬੁਨਿਆਦੀ ਬਣਾ ਕੇ ਕੀਤੀ ਹੈ ਅਤੇ ਅਜੇ ਕੁਝ ਸਾਲ ਪਹਿਲਾਂ ਤਕ ਹਰ ਛੋਟੇ ਵੱਡੇ ਗੁਰਦਵਾਰੇ ਵਿੱਚ ਸੂਰਜ ਪ੍ਰਕਾਸ਼ ਦੀ ਬਾਕਾਇਦਾ ਕਥਾ ਦਾ ਰਿਵਾਜ ਰਿਹਾ ਹੈ।

     ਪਰ ਇਸ ਜਨਮ-ਸਾਖੀ ਦੇ ਅਰੰਭ ਵਿੱਚ ਜੋ ਵਾਅਦਾ ਕੀਤਾ ਗਿਆ ਹੈ ਉਹ ਇਤਿਹਾਸਿਕ ਖੋਜ ਦੀ ਪਰਖਵੱਟੀ ਉਤੇ ਪੂਰਾ ਨਹੀਂ ਉਤਰਦਾ। ਜਨਮ-ਸਾਖੀਆਂ ਵੱਲ ਸਭ ਤੋਂ ਪਹਿਲਾਂ ਧਿਆਨ ਖਿੱਚਣ ਵਾਲੇ ਪੱਛਮੀ ਵਿਦਵਾਨ ਅਰਨੈਸਟ ਟ੍ਰੰਪ ਨੇ ਇੱਕ ਤਾਂ ਇਸ ਗੱਲ ਨੂੰ ਹੀ ਅਪ੍ਰਵਾਨ ਕੀਤਾ ਕਿ ਭਾਈ ਬਾਲਾ ਨਾਂ ਦਾ ਕੋਈ ਸ਼ਖ਼ਸ ਗੁਰੂ ਨਾਨਕ ਦੇਵ ਦਾ ਸਾਥੀ ਸੀ ਅਤੇ ਦੂਜੇ ਇਸ ਜਨਮ-ਸਾਖੀ ਨੂੰ ਗੁਰੂ ਨਾਨਕ ਦੀ ਸ਼ਖ਼ਸੀਅਤ ਉਤੇ ਵਿਰੋਧੀ ਪ੍ਰਭਾਵ ਪਾਉਣ ਵਾਲੀ ਆਖਿਆ। ਇੱਕ ਹੋਰ ਅੰਗ੍ਰੇਜ਼ ਵਿਦਵਾਨ ਮੈਕਾਲਿਫ਼ ਨੇ ਵੀ ਇਸ ਜਨਮ-ਸਾਖੀ ਨੂੰ ਗੁਰੂ ਨਾਨਕ ਦੀ ਸ਼ਖ਼ਸੀਅਤ ਉਤੇ ਮਾੜੇ ਪਰਛਾਵੇਂ ਪਾਉਣ ਵਾਲੀ ਆਖਿਆ ਹੈ। ਕਰਮ ਸਿੰਘ ਹਿਸਟੋਰੀਅਨ ਨੇ ਲਿਖਿਆ ਹੈ ਕਿ ਜਨਮ- ਸਾਖੀ ਦੀ ਅਰੰਭਿਕ ਧਾਰਨਾ ਨੂੰ ਮੰਨ ਲਿਆ ਜਾਵੇ ਤਾਂ ਫੇਰ ਸ਼ਾਇਦ ਭਾਈ ਗੁਰਦਾਸ ਨੂੰ ਗੁਰੂ ਨਾਨਕ ਦੇ ਜੀਵਨ ਬਾਰੇ ਵਾਰ ਲਿਖਣ ਦੀ ਲੋੜ ਨਾ ਪੈਂਦੀ। ਬਾਲਾ ਕੋਈ ਵਿਅਕਤੀ ਨਹੀਂ ਹੋਇਆ ਇਸ ਬਾਰੇ ਵੀ ਕਈ ਹੋਰ ਦਲੀਲਾਂ ਤੋਂ ਇਲਾਵਾ ਉਸ ਨੇ ਸਭ ਤੋਂ ਵੱਡੀ ਦਲੀਲ ਇਹ ਦਿੱਤੀ ਹੈ ਕਿ ਕਿਸੇ ਹੋਰ ਜਨਮ-ਸਾਖੀ ਵਿੱਚ ਬਾਲੇ ਦਾ ਜ਼ਿਕਰ ਨਹੀਂ ਆਇਆ ਜਦੋਂ ਕਿ ਗੁਰੂ ਨਾਨਕ ਦੇ ਦੂਜੇ ਸਾਥੀਆਂ ਦਾ ਅਤੇ ਖ਼ਾਸ ਕਰ ਭਾਈ ਮਰਦਾਨੇ ਦਾ ਹਰ ਥਾਂ ਜ਼ਿਕਰ ਆਇਆ ਹੈ।

     ਇਸ ਦੇ ਰਚਨਾ ਕਾਲ ਤੋਂ ਹੀ ਉਪਰੋਕਤ ਵਿਚਾਰ ਦੀ ਪੁਸ਼ਟੀ ਹੋ ਜਾਂਦੀ ਹੈ। ਪੱਛਮੀ ਵਿਦਵਾਨ ਮੈਕਾਲਿਫ਼ ਨੇ ਇਸ ਪੋਥੀ ਨੂੰ 1640 ਦੀ ਰਚਨਾ ਮੰਨਿਆ ਹੈ। ਮੈਕਲਉਡ ਨੇ ਬਾਲੇ ਵਾਲੀ ਜਨਮ-ਸਾਖੀ ਨੂੰ ਸਤ੍ਹਾਰਵੀਂ ਸਦੀ ਦੇ ਪਹਿਲੇ ਅੱਧ ਦੀ ਕਿਰਤ ਕਿਹਾ ਹੈ। ਜਨਮ- ਸਾਖੀ ਦੇ ਅੰਦਰ, ਇਸ ਨੂੰ ‘1582 ਪੰਦ੍ਰਹ ਸੈ ਬੈਆਸਅ ਮਿਤੀ ਵੈਸਾਖਅ ਸੁਦੀ ਪੰਚਮੀ` ਦੀ ਲਿਖਤ ਆਖਿਆ ਹੈ। ਇਹ ਗੱਲ ਇਤਿਹਾਸਿਕ ਰੂਪ ਵਿੱਚ ਗ਼ਲਤ ਹੈ ਕਿਉਂਕਿ 1525 ਤੱਕ ਤਾਂ ਗੁਰੂ ਅੰਗਦ ਦੇਵ, ਗੁਰੂ ਨਾਨਕ ਦੇਵ ਨੂੰ ਮਿਲੇ ਹੀ ਨਹੀਂ ਸਨ। ਇਸ ਜਨਮ-ਸਾਖੀ ਦੀ ਇੱਕ ਹੱਥ-ਲਿਖਤ ਦਿੱਲੀ ਵਿੱਚ ਪਿਆਰੇ ਲਾਲ ਕਪੂਰ ਪਰਿਵਾਰ ਪਾਸ ਦੱਸੀ ਜਾਂਦੀ ਹੈ ਜੋ ਹੁਣ ਤਕ ਮਿਲੀਆਂ ਸਾਰੀਆਂ ਹੱਥ ਲਿਖਤਾਂ ਵਿੱਚੋਂ ਸਭ ਤੋਂ ਪੁਰਾਣੀ ਹੈ ਅਤੇ ਇਹ ਲਿਖਤ 1658 ਦੀ ਹੈ।

     ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਜਨਮ- ਸਾਖੀ ਦਾ ਕਰਤਾ ਕੌਣ ਹੈ। ਪੱਛਮੀ ਵਿਦਵਾਨ ਮੈਕਾਲਿਫ਼ ਨੇ ਇਸ ਨੂੰ ਹਿੰਦਾਲੀਆਂ ਦੀ ਲਿਖਤ ਮੰਨਿਆ ਹੈ। ਮੈਕਲਉਡ ਵੀ ਇਹੋ ਗੱਲ ਕਹਿੰਦਾ ਹੈ ਕਿ ਇਹ ਜਨਮ-ਸਾਖੀ ਹਿੰਦਾਲੀਆਂ ਵੱਲੋਂ ਲਿਖੀ ਗਈ। ਹੋਰ ਖੋਜੀ ਵੀ ਇਸ ਰਾਏ ਨਾਲ ਸਹਿਮਤ ਹਨ। ਮਹਾਂਕਵੀ ਭਾਈ ਸੰਤੋਖ ਸਿੰਘ ਨੇ ਇਸ ਗੱਲ ਨੂੰ ਰਤਾ ਖੋਲ੍ਹ ਕੇ ਬਿਆਨ ਕੀਤਾ ਹੈ। ਉਹ ਦੇ ਅਨੁਸਾਰ ਹਿੰਦਾਲ ਨਾਮ ਦਾ ਇੱਕ ਜੱਟ ਸਿੱਖ ਗੁਰੂ ਰਾਮਦਾਸ ਜੀ ਦੇ ਹਜ਼ੂਰ ਰਹਿੰਦਾ ਸੀ। ਉਹ ਲੰਗਰ ਦੀ ਸੇਵਾ ਕਰਿਆ ਕਰਦਾ ਸੀ। ਉਹਨਾਂ ਦੀ ਸੰਤਾਨ ਵਿੱਚ ਇੱਕ ਸਾਤਕ (ਬੇਮੁਖ) ਪੈਦਾ ਹੋ ਗਿਆ। ਉਸ ਨੇ ਕਿਸੇ ਪੁਰਾਣੀ ਲਿਖਤ ਜਨਮ-ਸਾਖੀ ਨਾਲ ਆਪਣੇ ਵਡੇਰਿਆਂ ਦੀ ਵਡਿਆਈ ਦੀਆਂ ਐਸੀਆਂ ਕਹਾਣੀਆਂ ਜੋੜ ਦਿੱਤੀਆਂ ਜਿਨ੍ਹਾਂ ਦੇ ਸਨਮੁਖ ਗੁਰੂ ਨਾਨਕ ਦੀ ਸ਼ਖ਼ਸੀਅਤ ਨਿਗੂਣੀ ਜਾਪੇ। ਉਸ ਦਾ ਉਦੇਸ਼ ਸੀ, ‘ਗੁਰੂ ਦੇ ਬਹੁਤ ਸਿੱਖ ਹੋਣਗੇ ਜੋ ਮਨ ਲਾ ਕੇ ਸਾਡੀ ਸੇਵਾ ਕਰਨਗੇ। ਸਾਡੀ ਬਹੁਤ ਮਾਨਤਾ ਹੋਵੇਗੀ।`

     ਬਾਲੇ ਵਾਲੀ ਜਨਮ-ਸਾਖੀ ਦੇ ਪਾਠ-ਭੇਦਾਂ ਨੂੰ ਮੁੱਖ ਰਖਦਿਆਂ ਇਸ ਦੀਆਂ ਤਿੰਨ ਸ਼ਾਖਾਵਾਂ ਦਾ ਜ਼ਿਕਰ ਆਉਂਦਾ ਹੈ। ਇਹਨਾਂ ਵਿੱਚ ਇੱਕ ਵੱਡਾ ਫ਼ਰਕ ਸਾਖੀਆਂ ਦੀ ਗਿਣਤੀ ਦਾ ਹੈ। ਹੱਥ-ਲਿਖਤਾਂ ਦੀ ਇੱਕ ਸ਼ਾਖ਼ ਐਸੀ ਹੈ ਜਿਸ ਵਿੱਚ ਸਾਖੀਆਂ ਦੀ ਗਿਣਤੀ 75 ਤੋਂ 88 ਤਕ ਹੈ। ਦੂਜੀ ਵਿੱਚ ਇਹ ਗਿਣਤੀ 90 ਤੋਂ ਉਪਰ ਚਲੀ ਗਈ ਹੈ ਅਤੇ ਤੀਜੀ ਸ਼ਾਖ਼ ਵਾਲੀਆਂ ਹੱਥ-ਲਿਖਤਾਂ ਵਿੱਚ 100 ਤੋਂ 232 ਤਕ ਸਾਖੀਆਂ ਮਿਲਦੀਆਂ ਹਨ। ਦਿੱਲੀ ਵਾਲੀ ਹੱਥ ਲਿਖਤ ਵਿੱਚ ਜਿਸ ਨੂੰ ਵਧੇਰੇ ਪ੍ਰਮਾਣਿਕ ਮੰਨ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ, ਵਿੱਚ 70 ਦੇ ਕਰੀਬ ਸਾਖੀਆਂ ਹਨ। ਇਹਨਾਂ ਵਿੱਚ 51 ਸਾਖੀਆਂ ਐਸੀਆਂ ਹਨ ਜਿਹੜੀਆਂ ਕਿਸੇ ਵੀ ਰੂਪ ਵਿੱਚ ਕਿਸੇ ਹੋਰ ਜਨਮ-ਸਾਖੀ ਵਿੱਚ ਨਹੀਂ ਹਨ। ‘ਸੱਚੇ ਸੌਦੇ’ ਵਾਲੀ ਬਹੁਤ ਪ੍ਰਸਿੱਧ ਸਾਖੀ ਇਹਨਾਂ ਵਿੱਚੋਂ ਇੱਕ ਹੈ।

     ਹਰ ਜਨਮ-ਸਾਖੀ ਪਰੰਪਰਾ ਦੇ ਨਾਇਕ ਤਾਂ ਗੁਰੂ ਨਾਨਕ ਦੇਵ ਹੀ ਹਨ। ਪਰ ਬਾਲੇ ਵਾਲੀ ਜਨਮ-ਸਾਖੀ ਵਿੱਚ ਇਹ ਨੇਮ ਓਦੋਂ ਟੁਟਦਾ ਪ੍ਰਤੀਤ ਹੁੰਦਾ ਹੈ ਜਦੋਂ ਸਾਡਾ ਧਿਆਨ ਉਹਨਾਂ ਸਾਖੀਆਂ ਵੱਲ ਜਾਂਦਾ ਹੈ ਜਿਨ੍ਹਾਂ ਵਿੱਚ ਗੁਰੂ ਨਾਨਕ ਦਾ ਚਿੱਤਰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ, ਜਿਹੜੀਆਂ ਸਾਖੀਆਂ ਗੁਰੂ ਨਾਨਕ ਦੇ ਨਾਇਕ ਬਿੰਬ ਨੂੰ ਤੋੜਦੀਆਂ ਹਨ ਅਤੇ ਉਸ ਦੀ ਥਾਂ ਹਿੰਦਾਲ ਨੂੰ ਗੁਰੂ ਨਾਨਕ ਦੀ ਤੁਲਨਾ ਵਿੱਚ ਉਚੇਰਾ ਸਥਾਨ ਦਿੰਦੀਆਂ ਹਨ। ਪਰ ਸਾਹਿਤਿਕ ਬਿਰਤਾਂਤ ਦੇ ਨਜ਼ਰੀਏ ਤੋਂ ਕਈ ਵਿਦਵਾਨਾਂ ਨੂੰ ਇਹ ਗੱਲ ਬਹੁਤੀ ਅਖੜਦੀ ਨਹੀਂ। ਬਾਲੇ ਵਾਲੀ ਜਨਮ-ਸਾਖੀ ਸਾਹਿਤ ਬਿਰਤਾਂਤ ਦਾ ਇੱਕ ਉੱਤਮ ਨਮੂਨਾ ਹੈ। ਇਸ ਵਿੱਚ ਵੇਲੇ ਦੇ ਸਮਾਜਿਕ ਜੀਵਨ ਤੇ ਭਾਈਚਾਰਕ ਰਸਮ-ਰਿਵਾਜਾਂ ਦਾ ਚਿੱਤਰ ਉਲੀਕਿਆ ਮਿਲਦਾ ਹੈ। ਗੁਰੂ ਨਾਨਕ ਦੀ ਕੁੜਮਾਈ ਵਾਲੀ ਸਾਖੀ ਇਸ ਦੀ ਵਧੀਆ ਮਿਸਾਲ ਹੈ। ਸਿਰਵਾਰਨੇ ਕਰਨ ਦੀ ਰਸਮ ਇੱਕ ਕਲਾਕਾਰ ਦੀ ਬਾਰੀਕੀ ਨਾਲ ਪੇਸ਼ ਕੀਤੀ ਗਈ ਹੈ। ਇਸ ਨਾਲ ਸੱਭਿਆਚਾਰਿਕ ਦ੍ਰਿਸ਼ ਤਾਂ ਉਜਾਗਰ ਹੁੰਦਾ ਹੀ ਹੈ, ਨਾਲ ਹੀ ਉਸ ਸਮੇਂ ਦੇ ਜਨ-ਸਮੂਹ ਦੀ ਆਰਥਿਕ ਦਸ਼ਾ ਦਾ ਵੀ ਅੰਦਾਜ਼ਾ ਹੋ ਜਾਂਦਾ ਹੈ।

     ਇਸ ਜਨਮ-ਸਾਖੀ ਵਿੱਚ ਜੱਟ ਬਰਾਦਰੀ ਨੂੰ ਬੜੇ ਗੌਰਵ ਦਾ ਸਥਾਨ ਦਿੱਤਾ ਗਿਆ ਹੈ। ਸ਼ਾਇਦ ਇਸ ਦਾ ਕਾਰਨ ਇਹ ਹੋਵੇ ਕਿ ਲੇਖਕ ਆਪ ਜੱਟ ਪਰਿਵਾਰ ਵਿੱਚੋਂ ਹੈ ਤੇ ਮਨੋਰਥ ਵੀ ਜੱਟ ਪਰਿਵਾਰ (ਹਿੰਦਾਲ) ਦੀ ਵਡਿਆਈ ਕਰਨਾ ਸੀ। ਨਾਲੇ ਸਮਕਾਲੀ ਸਮਾਜ ਜਾਤ-ਪਾਤ ਦੀ ਵੰਡ ਦਾ ਬੁਰੀ ਤਰ੍ਹਾਂ ਸ਼ਿਕਾਰ ਸੀ ਜਿਸ ਤੋਂ ਲੇਖਕ ਦਾ ਬਚ ਸਕਣਾ ਸੰਭਵ ਨਹੀਂ ਸੀ।

     ਇਸ ਜਨਮ-ਸਾਖੀ ਦਾ ਲੇਖਕ ਹਰ ਗੱਲ ਨੂੰ ਵਿਸਤਾਰ ਨਾਲ ਬਿਆਨ ਕਰਦਾ ਹੈ। ਦੂਜੇ ਪਾਸੇ ਭਾਸ਼ਾ ਦਾ ਰੂਪ ਜੁੜਵੀਂ ਸ਼ਬਦਾਵਲੀ ਨਾ ਰਹਿ ਕੇ ਨਿਖੇੜਕ ਹੋ ਗਿਆ ਹੈ। ਇਸ ਜਨਮ-ਸਾਖੀ ਦੀ ਭਾਸ਼ਾ ਵਿੱਚੋਂ ਅਜੋਕੀ ਪੰਜਾਬੀ ਦੇ ਨਕਸ਼ ਉਘੜਦੇ ਵੇਖੇ ਜਾ ਸਕਦੇ ਹਨ। ਬਾਲੇ ਵਾਲੀ ਜਨਮ-ਸਾਖੀ ਦੀ ਵਾਰਤਕ ਅਜੋਕੀ ਵਾਰਤਕ ਦੇ ਬਹੁਤ ਨੇੜੇ ਹੈ।


ਲੇਖਕ : ਕਰਨਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3385, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.